Sunday 31 March 2013

ਅਨੋਖਾ ਪਿਆਰ            ਭਾਗ - ਦਸਵਾਂ     ਲੇਖਕ - ਦੀਪ ਮਾਨ

ਹਰਮਨ ਨੂੰ ਕਾਲਿਜ ਵਿੱਚ ਆਇਆਂ ਹਫਤੇ ਤੋਂ ਜਿਆਦਾ ਹੋ ਗਿਆ ਹੈ ਹੁਣ ਉਸ ਦੀਆਂ ਦੋ ਬਹੁਤ ਹੀ ਵਧੀਆ ਸਹੇਲੀਆਂ ਵੀ ਬਣ ਚੁਕੀਆਂ ਹਨ . ਇੱਕ ਦਾ ਨਾਮ ਹੈ ਗਗਨ ਅਤੇ ਦੂਜੀ ਮਨਪ੍ਰੀਤ .. ਮਨਪ੍ਰੀਤ ਦਾ ਘਰ ਜੰਮੂ ਦੇ ਨੇੜੇ ਹੀ ਜੁਗਿਆਲ ਦੇ ਵਿੱਚ ਹੈ . ਮਗਰ ਉਹ ਪ੍ਰਿੰਸੀਪਲ ਨੂੰ ਜਾਣਦੀ ਹੈ ਅਤੇ ਚੰਗੀ -ਜਾਨ  ਪਹਿਚਾਣ ਦੇ ਕਰਕੇ ਉਹ ਕੁਜ ਦਿਨ ਕਾਲਿਜ ਦੇ ਹੋਸਟਲ ਵਿੱਚ ਹਰਮਨ ਗਗਨ ਦੇ  ਨਾਲ ਹੀ ਰੁੱਕ ਜਾਂਦੀ ਹੈ . ਤਿੰਨੋ ਸਹੇਲੀਆਂ ਆਪਣੇ ਕਮਰੇ ਵਿੱਚ ਇੱਕ ਬੈੱਡ ਤੇ ਬੈਠੀਆਂ ਹਨ ਅਤੇ ਗੱਲਾਂ ਕਰ ਰਹੀਆਂ ਹਨ ਤਾਂ ਗਗਨ ਮਨਪ੍ਰੀਤ ਨੂੰ ਬੋਲਦੀ ਹੈ ,"ਮਨਪ੍ਰੀਤ ."
"ਹਾਂ .",ਮਨਪ੍ਰੀਤ ਜੁਆਬ ਦਿੰਦੀ ਹੈ .
"ਤੇਰਾ ਨਾਮ ਕਿੰਨਾ ਵੱਡਾ ਹੈ ਮ-ਨ-ਪ-ਰੀ-ਤ ."
"ਹਾਂ ਫੇਰ ?"
"ਹੁਣ ਤੇਰਾ ਨਾਮ ਵੱਡਿਆ ਜਾਵੇਗਾ ."
"ਅੱਛਾ ਫੇਰ ਕੀ ਬਣਾਇਆ ਜਾਵੇਗਾ ਮੇਰੇ ਨਾਮ ਦਾ ?"
"ਮੈਂ ਤਾਂ ਤੇਰੇ ਨਾਮ ਨਾਲ ਆਮਲੇਟ ਬਣਾ ਕੇ ਖਾਵਾਂਗੀ ਅਤੇ .",ਹਰਮਨ ਨੂੰ ਪੁੱਛਦਿਆਂ,"ਤੂੰ ਕੀ ਬਣਾਉਣਾ ਪਸੰਦ ਕਰੇਂਗੀ ?"
"ਬਰਗਰ ਬਣ ਜਾਏ ਬਥੇਰਾ ਏ , ਹੈ ਨਾ ਗਗਨ ?",ਹਰਮਨ ਜੁਆਬ ਦਿੰਦੀ ਹੈ .
"ਅੱਛਾ , ਮੇਰਾ ਨਾਮ ਖਾਣ ਦੀ ਤਿਆਰੀ ਚੱਲ ਰਹੀ ਏ .",ਮਨਪ੍ਰੀਤ ਹਰਮਨ ਵੱਲ ਵੇਖਦਿਆਂ ਕਹਿੰਦੀ ਹੈ,"ਹਰਮਨ ,ਤੇਰਾ ਨਾਮ ਤਾਂ ਮੈਂ ਖਾਂਦੀ ਹਾਂ , ਤੇਰਾ ਨਾਮ ਅੱਜ ਤੋ ਹਰਮਨ ਨਹੀ ਹੈਰਨ ਹੋਵੇਗਾ ."
"ਤੇਰਾ ਨਾਮ ਮਨਪ੍ਰੀਤ ਸਿਰਫ ਮੰਨੂ ਹੋਵੇਗਾ , ਮੰਨੂ .",ਗਗਨ ਮੁਸਕਰਾਂਦਿਆਂ ਆਖਦੀ ਹੈ .
"ਠੀਕ ਹੈ , ਠੀਕ ਹੈ , ਤੁਸੀਂ ਮੇਰੇ ਕੋਲ ਰਿਹਾ ਕਰੋ ਨਾ  ."
"ਕਮਰੇ ਦੀ ਪ੍ਰੋਬਲਮ ਹੈ .", ਗਗਨ ਬੋਲਦੀ ਹੈ .
"ਜੇ ਮੈਂ ਕਮਰਾ ਦਿਵਾ ਦਿਆਂ ?"
"ਫਿਰ ਅਸੀਂ ਰਹੀ ਲਵਾਂਗੀਆਂ ਤੇਰੇ ਸ਼ਹਿਰ ."
"ਫਿਰ ਪੱਕਾ ?"
"ਬਿਲਕੁਲ ਪੱਕਾ ."
"ਹੇ ! ਮੇਰੇ ਤੋ ਤਾਂ ਪੁੱਛ ਲਵੋ .",ਹਰਮਨ ਦੋਵਾਂ ਦੀ ਗੱਲ ਨੂੰ ਕੱਟਦਿਆਂ ਆਖਦੀ ਹੈ .
"ਤੇਰੇ ਤੋ ਪੁੱਛਣ ਦੀ ਕੀ ਲੋੜ ? ਤੈਨੂੰ ਤਾਂ ਮੇਰੇ ਨਾਲ ਆਉਣਾ ਹੀ ਪਵੇਗਾ ਨਹੀ ਤਾਂ ਮੇਰੇ ਤੋ ਬਗੈਰ ਤੂੰ ਇੱਕ ਦਿਨ ਵੀ ਨਹੀ ਰਹਿ ਸਕਦੀ .", ਗਗਨ ,ਹਰਮਨ ਨੂੰ ਆਖਦੀ ਹੈ .
"ਅੱਛਾ ਕਿੰਨੀ ਦੂਰ ਹੈ ?"
"ਕੱਲ ਐਤਵਾਰ ਹੈ ਆਪਾਂ ਕੱਲ ਚੱਲ ਪਵਾਂਗੀਆਂ , ਨੇੜੇ ਹੀ ਏ ਨਾਲੇ ਵੇਖ ਲਵੀਂ ਤੂੰ ਮੇਰਾ ਸ਼ਹਿਰ .", ਮਨਪ੍ਰੀਤ ਹਰਮਨ ਨੂੰ ਆਖਦੀ ਹੈ ...


     ਜਾਰੀ ਹੈ ...............

Wednesday 20 March 2013

ਅਨੋਖਾ ਪਿਆਰ (ਨਾਵਲ)    ਭਾਗ - ਨੌਵਾਂ      ਲੇਖਕ - ਦੀਪ ਮਾਨ

"ਸਿਮ, ਜੇ ਕੋਈ ਵੀ ਪ੍ਰੋਬਲਮ ਹੋਵੇ ਤਾਂ ਤੁਰੰਤ ਮੈਨੂੰ ਫੋਨ ਕਰਕੇ ਦੱਸ ਦੇਵੀਂ ਅਤੇ ਮੈਂ ਜਾ ਰਹੀ ਹਾ.", ਐਂਜਲ ਨੇ ਬਾਹਰ ਦੇ ਦਰਵਾਜੇ ਵੱਲ ਵੱਧਦੀ ਨੇ ਕਿਹਾ .
"ਠੀਕ ਹੈ ਦੀ, ਜਰੂਰ ਦੱਸ ਦਿਆਂਗੀ ."
"ਅਤੇ ਮੈਂ ਕਿਰਾਏਦਾਰ ਰੱਖ ਰਹੀ ਹਾ ਆਪਣੇ ਵਿਹਲੇ ਪਏ ਕਮਰੇ ਲਈ . ਤੈਨੂੰ ਕੋਈ ਪ੍ਰੋਬਲਮ ਤਾਂ ਨਹੀ ਆਵੇਗੀ ?"
"ਬਿਲਕੁਲ ਨਹੀ ਦੀ ."
"ਅੱਛਾ, ਬਾਏ ."

ਸੂਰਜ ਬਾਹਰ ਆ ਚੁਕਾ ਹੈ ਦਿਨ ਦੀ ਸ਼ੁਰੂਆਤ ਦੇ ਨਾਲ ਪ੍ਰਕ੍ਰਿਤੀ ਵੀ ਆਪਣੇ ਕੰਮ ਸ਼ੁਰੂ ਕਰ ਚੁਕੀ ਹੈ . ਲੋਕ ਆਪਣੇ ਕੰਮਾਂ ਚ ਰੁਝ ਗਏ ਨੇ ਮਗਰ ਦੀਪ ਨਹੀ . ਦੀਪ ਤਾਂ ਬਸ ਕੁਝ ਇਰਾਦੇ ਬਣਾ ਰਿਹਾ ਸੀ, ਮਿਟਾਉਣ ਦੇ ਅਤੀਤ ਨੂੰ, ਭੁਲਾਉਣ ਦੇ ਅਤੀਤ ਨੂੰ ਅਤੇ ਮੁਕਾਉਣ ਦੇ ਅਤੀਤ ਨੂੰ . ਚੜਦੇ ਦਿਨ ਦੇ ਨਾਲ ਕੁਝ ਫੈਸਲੇ ਉਸ ਨੇ ਤੈਅ ਕੀਤੇ . ਜੋ ਵਕਤ ਅਤੇ ਹਾਲਾਤਾਂ ਨੇ ਉਸਨੂੰ ਤੈਅ ਕਰਨ ਲਈ ਮਜਬੂਰ ਕਰ ਦਿੱਤੇ ਸੀ .ਸੋਨੀ ਦੋ ਗਿਲਾਸ ਚਾਹ ਦੇ ਲੈ ਕੇ ਕਮਰੇ ਦੇ ਅੰਦਰ ਆਉਂਦਾ ਹੈ ਅਤੇ ਦੀਪ ਸਾਹਮਣੇ ਪਈ ਕੁਰਸੀ ਤੇ ਬੈਠ ਜਾਂਦਾ ਹੈ ਅਤੇ ਚਾਹ ਦਾ ਗਿਲਾਸ ਟੇਬਲ ਦੇ ਉੱਤੇ ਰੱਖ ਦਿੰਦਾ ਹੈ ਤੇ ਦੀਪ ਨੂੰ ਪੁੱਛਦਾ ਹੈ," ਕੀ ਹਾਲ ਨੇ ਹੁਣ ਜਨਾਬ ਦੇ ?"
"ਤੇਰੇ ਜਨਾਬ ਜੀ ਜਾ ਰਹੇ ਨੇ ."
"ਕੀ ਮਤਲਬ ? ਕਿੱਥੇ ?",ਸੋਨੀ ਹੈਰਾਨੀ ਨਾਲ ਪੁੱਛਦਾ ਹੈ .
"ਸੁਪਨਿਆਂ ਦੇ ਸ਼ਹਿਰ ,
ਖਵਾਇਸ਼ਾਂ ਦੀ ਨਗਰੀ ਚ,
ਚਾਹਤਾਂ ਤੋ ਪਾਰ,
ਰਿਸ਼ਤਿਆਂ ਤੋ ਕੀਤੇ ਦੂਰ,
ਜਿੱਥੇ ਕੁਝ ਨਾ ਹੋਵੇ,
ਬਸ , ਮੇਰੇ ਅਤੇ ਮੇਰੇ ਤੋ ਇਲਾਵਾ ."
"ਪਿੰਡ ਛੱਡ ਰਿਹਾਂ ਏ ?"
"ਹਾਂ, ਛੱਡ ਰਿਹਾ ਹਾਂ, ਖਿਆਲਾਂ ਦੀ ਕੁੰਜੀ ਕਿਸਮਤ ਦੇ ਹੱਥ ਹੈ ਅਤੇ ਮੇਰੀ ਕਿਸਮਤ ਉਸਦੇ ਹੱਥ ਹੈ ਜੋ ਕਿ ਮੈਨੂੰ ਪਰਾਇਆ ਕਰ ਚਲੀ ਗਈ ਹੈ ."
"ਕੀ ਇਹ ਕਰਨਾ ਜਰੂਰੀ ਹੈ ? ਜਰੂਰੀ ਨਹੀ ਕਿ ਤੂੰ ਪਿੰਡ ਛੱਡੇ, ਬਿਨਾ ਪਿੰਡ ਛੱਡੇ ਵੀ ਕੋਈ ਨਾ ਕੋਈ ਰਾਹ  ਹੋਵੇਗਾ .ਮੈਂ ਜਾਣਦਾ ਹਾ ਤੇਰੀ ਸਾਰੀ ਨਹੀ ਤਾਂ ਘੱਟੋ-ਘੱਟ 7-8 ਸਾਲਾਂ ਦੀ, ਮੈਨੂੰ ਸਮਝ ਨਹੀ ਆ ਰਹੀ ."
"ਜੇ ਸਮਝ ਆਉਣ ਵਾਲੀ ਗੱਲ ਹੋਵੇ ਤਾਂ ਸਮਝ ਆਵੇ ."
"ਕਿ ਤੂੰ ਸਚਮੁੱਚ ਜਾ ਰਿਹਾ ਏਂ ?"
"ਹਾਂ, ਉਸਦੀ ਯਾਦ ਨਾਲ ਜੁੜੀ ਹਰ ਇੱਕ ਚੀਜ ਨੂੰ ਭੁਲਾ ਦੇਣਾ ਚਾਹੁੰਦਾ ਹਾ ਮੈਂ . ਵਕਤ ਬਹੁਤ ਘੱਟ ਹੈ ."
"ਸਭ ਕੁਝ ?"
"ਹਾਂ ਸਭ ਕੁਝ ."
"ਫਿਰ ਕਦੋਂ ਮਿਲਾਂਗੇ ?"
"ਉਮੀਦ ਨਹੀ, ਵਕਤ ਬਹੁਤ ਘੱਟ ਹੈ ."
"ਕਿਉਂ ?"
"ਦਿਲ ਮੈਂ ਉਠਤੀ ਹੈ ਜਬ ਜਜਬਾਤੋਂ ਕੀ ਕਦਰ ,
ਨਾਜਾਨੇ ਕਿਉਂ ਯੇ ਦਿਲ ਪਥਰਾ ਜਤਾ ਰਹਾ ਹੈ ?"
"ਕਿਉਂ ? ਇੱਕ ਬਾਰ ਵੀ ਨਹੀ ?"
"ਕਿਨਾਰਿਆਂ ਨੂੰ ਛੂਹ ਕੇ ਪਾਣੀ ਕਦੀ ਵਾਪਿਸ ਆਇਆ ?"
"ਨਹੀਂ ."
"ਮੈਂ ਉਹੀ ਪਾਣੀ ਹਾਂ, ਵਹਿ ਜਾਣ ਦੇ ਇਸ ਪਾਣੀ ਨੂੰ, ਜੇ ਤੈਂ ਰੋਕ ਦਿੱਤਾ ਤਾਂ ਬਾਸ ਆਉਣ ਲੱਗ ਜਾਵੇਗੀ . ਤੈਂ ਸੁਣਿਆ ਨਹੀ ?"
"ਕੀ ?"
"ਪਾਣੀ ਵੱਗਦੇ ਹੀ ਰਹਿਣ, ਇਹ ਵੱਗਦੇ ਸੋਹਂਦੇ ਨੇ ."
"ਸੁਣਿਆ ਏ ."
ਇਜਾਜਤ ਦੇ, ਮੈਂ ਜਾਵਾਂ ?"
"ਜਦੋਂ ਦਿਲ ਕਰਿਆ ਵਾਪਿਸ ਆ ਜਾਵੀਂ ."
"ਸਾਲੇ ਆਸ਼ਕਾਂ ਨੂੰ ਗੱਲਾਂ ਬਹੁਤ ਆਉਂਦੀਆਂ ਨੇ ਤੇ ਨਾਲੇ ਦਿਲ .", ਦੀਪ ਇਹ ਆਖ ਉੱਠਦਾ ਹੈ ਅਤੇ ਬਾਹਰ ਨੂੰ ਚੱਲ ਪੈਂਦਾ ਹੈ ਰਿਸ਼ਤਿਆਂ ਤੋਂ ਕੀਤੇ ਦੂਰ . ਜਿੱਥੇ ਕੁਝ ਨਾ ਹੋਵੇ, ਬਸ ਮੇਰੇ ਅਤੇ ਮੇਰੇ ਤੋ ਇਲਾਵਾ .

ਜਾਰੀ ਹੈ .........

Tuesday 19 March 2013

 ਅਨੋਖਾ ਪਿਆਰ            ਭਾਗ - ਅੱਠਵਾਂ        ਲੇਖਕ - ਦੀਪ ਮਾਨ

ਟ੍ਰੇਨ ਦੇ ਵਿਚ ਬੈਠੀ ਹਰਮਨ ਖਿੜਕੀ ਰਾਹੀਂ ਬਾਹਰ ਦੇਖ ਰਹੀ ਹੈ . ਟ੍ਰੇਨ ਆਪਣੀ ਤੇਜ ਰਫਤਾਰ ਨਾਲ ਦੌੜੀ ਜਾ ਰਹੀ ਸੀ . ਖੇਤ, ਰੁੱਖ, ਘਰ - ਮਕਾਨ ਸਭ ਪਿੱਛੇ ਛੁਟਦੇ ਜਾ ਰਹੇ ਸੀ . ਸਭ ਤੇਜ ਦੌੜ ਦੇ ਨਾਲ ਪਿੱਛੇ ਵੱਲ ਨੂੰ ਭੱਜਦੇ ਜਾ ਰਹੇ ਸੀ .ਵਕਤ ਬਹੁਤ ਤੇਜੀ ਦੇ ਨਾਲ ਦੌੜ ਰਿਹਾ ਸੀ ਮਗਰ ਫਿਰ ਵੀ ਪਤਾ ਨਹੀ ਕਿਉਂ ਇਹ ਬੀਤਣ ਤੇ ਨਹੀ ਆ ਰਿਹਾ ਸੀ .  ਅਚਾਨਕ ਪਿੱਛੇ ਲੰਘਦੇ ਰੁੱਖਾਂ , ਘਰਾਂ , ਮਕਾਨਾਂ , ਖੇਤਾਂ ਦੇ ਨਾਲ - ਨਾਲ  ਇੱਕ ਜਗਾ ਦੀਪ ਖੜਾ ਦਿਖਾਈ ਦਿੰਦਾ ਹੈ ਮਗਰ ਦੌੜਦੀ ਟ੍ਰੇਨ ਦੇ ਨਾਲ - ਨਾਲ ਉਹ ਦੌੜਦਾ ਨਹੀ ਅਤੇ ਆਪਣੀ ਥਾਂ ਉੱਤੇ ਖੜਾ ਰਹਿੰਦਾ ਹੈ . ਜਿਵੇਂ ਉਹ ਬੁੱਤ ਬਣ ਚੁਕਾ ਹੋਵੇ . ਟ੍ਰੇਨ ਤੇਜ ਰਫਤਾਰ ਨਾਲ ਉਸਨੂੰ ਪਿੱਛੇ ਛੱਡਦਿਆਂ ਅੱਗੇ ਲੰਘ ਜਾਂਦੀ ਹੈ . ਪਿੱਛੇ ਲੰਘ ਚੁਕੇ ਦੀਪ ਨੂੰ ਵੇਖ ਹਰਮਨ ਦਾ ਦਿਲ ਕਾਹਲਾ ਪੈ ਜਾਂਦਾ ਹੈ . ਉਸਦਾ ਦਿਲ ਕਰਦਾ ਹੈ ਕਿ ਉਹ ਚਲਦੀ ਟ੍ਰੇਨ ਤੋ ਛਾਲ ਮਾਰ ਦੇਵੇ ਅਤੇ  ਭੱਜ ਕੇ ਉਸ ਕੋਲ ਜਾਵੇ ਮਗਰ ਅਜਿਹਾ ਉਹ ਚਾਹ ਕੇ ਵੀ ਨਹੀ ਕਰ ਪਾਉਂਦੀ . ਆਪਣੀ ਬੇਵੱਸ ਹਾਲਤ ਨੂੰ ਵੇਖ ਉਸਦੀ ਅੱਖੋਂ ਹੰਝੂ ਨਿੱਕਲ ਆਉਂਦਾ ਹੈ . ਟ੍ਰੇਨ ਹੌਲੀ - ਹੌਲੀ ਆਪਣੀ ਰਫਤਾਰ ਨੂੰ ਘਟਾਉਂਦੀ ਹੈ . ਹਰਮਨ ਅੰਦਾਜਾ ਲਗਾ  ਹੈ ਟ੍ਰੇਨ ਰੁੱਕਣ ਵਾਲੀ ਹੈ . ਇੱਕ ਸਟੇਸ਼ਨ ਆਉਂਦਾ ਹੈ . ਹਰਮਨ ਝੱਟ ਹੰਝੂ ਸਾਫ਼ ਕਰ ਲੈਂਦੀ ਹੈ . ਟ੍ਰੇਨ ਬਿਲਕੁਲ ਹੌਲੀ ਹੋ ਜਾਂਦੀ ਹੈ ਅਤੇ ਸਟੇਸ਼ਨ ਤੇ ਰੁੱਕ ਜਾਂਦੀ ਹੈ . ਅਚਾਨਕ ਇੱਕ ਲੜਕੀ ਹੰਭਦੀ ਹੋਈ ਟ੍ਰੇਨ ਦੀ ਖਿੜਕੀ ਕੋਲ ਆਉਂਦੀ ਹੈ ਅਤੇ ਹਰਮਨ ਨੂੰ ਪੁੱਛਦੀ ਹੈ," ਪਠਾਨਕੋਟ ? ਪਠਾਨਕੋਟ ??"
"ਹਾਂ ਪਠਾਨਕੋਟ ਜਾ ਰਹੀ ਏ ਟ੍ਰੇਨ .",ਹਰਮਨ ਜੁਆਬ ਦਿੰਦੀ ਹੈ . ਉਹ ਲੜਕੀ ਹਰਮਨ ਨੂੰ ਥੈਂਕਸ ਬੋਲਦੀ ਹੈ ਅਤੇ ਟ੍ਰੇਨ ਵਿੱਚ ਚੜ ਜਾਂਦੀ ਹੈ . ਉਹ ਹਰਮਨ ਦੇ ਸਾਹਮਣੇ ਵਾਲੀ ਸੀਟ ਤੇ ਆ ਬੈਠਦੀ ਹੈ . ਉਹ ਖਿੜਕੀ ਤੋਂ ਬਾਹਰ ਦੇਖਣ ਲੱਗ ਪੈਂਦੀ ਹੈ . ਉਹ ਲੜਕੀ ਕੁਝ ਵਕਤ ਮੂੰਹ ਵਿੱਚ ਕੁਝ ਬੁੜਬੁੜਾਉਂਦੀ ਰਹਿੰਦੀ ਹੈ ਅਤੇ ਫਿਰ ਹਰਮਨ ਵੱਲ ਵੇਖ ਕੇ ਪੁੱਛਦੀ ਹੈ," ਤੁਸੀਂ ਕਿੱਥੇ ਜਾ ਰਹੇ ਹੋ ?"
"ਪਠਾਨਕੋਟ ਤੋ ਅੱਗੇ .",ਹਰਮਨ ਜੁਆਬ ਦਿੰਦੀ ਹੈ . ਉਹ ਦੁਬਾਰਾ ਪੁੱਛਦੀ ਹੈ,"ਸਟੱਡੀ ਦੇ ਲਈ ?"
"ਹਾਂ .", ਹਰਮਨ ਦੱਸਦੀ ਹੈ .
"ਹਾਂ ਮੈਂ ਵੀ ਅਤੇ ਕਿਸ ਕੋਰਸ ਲਈ ?"
"ਈ .ਟੀ.ਟੀ."
"ਵਾਵ ! ਮੈਂ ਵੀ ."
"ਤੂੰ ਵੀ ਜੰਮੂ ਜਾ ਰਹੀ ਏਂ ?"
"ਹਾਂ ਬਿਲਕੁਲ, ਇਹਦਾ ਮਤਲਬ ਆਪਾਂ ਇੱਕੋ ਕਾਲਿਜ ਵਿੱਚ ਹਾਂ , ਜਾਣ - ਪਹਿਚਾਣ ਹੋ ਜਾਵੇ ?"
"ਬਿਲਕੁਲ, ਮੇਰਾ ਨਾਮ ਹਰਮਨ ਹੈ ਮੈ ਮਾਨਸਾ ਜਿਲੇ ਦੇ ਇੱਕ ਛੋਟੇ ਜਿਹੇ ਪਿੰਡ ਵਿਚੋ ਹਾ ."
"ਮੈਨੂੰ ਤੂੰ ਗਗਨ ਕਹਿ ਸਕਦੀ ਏਂ . ਮੈਂ ਥੋੜਾ ਜਿਹਾ ਜਿਆਦਾ ਬੋਲਦੀ ਹਾਂ . ਮੈਨੂੰ ਵਧੀਆ ਨਹੀਂ ਲੱਗਦਾ ਜਦੋਂ ਕੋਈ ਚੁਪ -ਚਾਪ ਬੈਠਾ ਰਹੇ . ਬਿਨਾ ਹੰਗਾਮੇ ਦੇ ਵੀ ਕੋਈ ਜਿੰਦਗੀ ਹੈ ਭਲਾਂ ? ਉਹ ਤਾਂ ਪੁਰਾਣੀਆਂ ਬਲੈਕ ਐਂਡ ਵਾਈਟ ਫਿਲਮਾਂ ਦੀ ਤਰਾਂ ਹੈ . ਹੁਣ ਜਮਾਨਾ ਰੰਗੀਨ ਹੈ . ਮੇਰੀ ਮਾਂ ਵੀ ਕਈ ਬਾਰ ਮੈਨੂੰ ਕਹਿਣ ਲੱਗ ਜਾਂਦੀ ਹੈ ਕਿ ਤੈਨੂੰ ਘੱਟ ਬੋਲਣਾ ਚਾਹੀਦਾ ਹੈ . ਮੈਨੂੰ ਸ਼ਰਾਰਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਮਗਰ ਮੈਂ ਹਾਂ ਕਿ ਮੰਨਦੀ ਹੀ ਨਹੀ . ਉਹਨਾਂ ਨੇ ਤਾਂ ਪਿੱਛਲੇ ਮਹੀਨੇ ਮੇਰੇ ਵਿਆਹ ਦੇ ਲਈ ਇੱਕ ਲੜਕਾ ਵੀ ਘਰ ਲਿਆਂਦਾ ਸੀ ਮਗਰ ਤੈਨੂੰ ਪਤਾ ਮੈਂ ਕੀ ਕੀਤਾ ? ਮੈਂ ਉਸਦੀ ਚਾਹ ਦੇ ਵਿੱਚ ਦੋ ਚਮਚ ਲੂਣ ਪਾ ਦਿੱਤਾ . ਪਹਿਲਾਂ ਮੇਰੀ ਸਲਾਹ ਮਿਰਚਾਂ ਪਾਉਣ ਦੀ ਸੀ ਫਿਰ ਮੈਂ ਸੋਚਿਆ ਜੇ ਮੇਰੇ ਹੱਥ ਮੇਰੀਆਂ ਹੀ ਅੱਖਾਂ ਤੇ ਲੱਗ ਗਏ . ਉਹ ਲੜਕਾ ਪੰਜ ਮਿੰਟ ਵੀ ਨਹੀ ਰੁੱਕਿਆ . ਇਹ ਵੱਖ ਹੈ ਭਾਵੇਂਕਿ ਇਸਤੋ ਬਾਅਦ ਮੈਨੂੰ ਮੌਮ ਤੋ ਇੱਕ ਘੰਟੇ ਦਾ ਲੈਕਚਰ ਸੁਣਨਾ ਪਿਆ . ਵੈਸੇ ਵੀ ਉਹ ਮੈਨੂੰ ਪਸੰਦ ਨਹੀ ਸੀ ਉਸਦੀ ਨੱਕ ਗਾਜਰ ਵਰਗੀ ਸੀ . ਤੈਨੂੰ ਇੱਕ ਹੋਰ ਕਿੱਸਾ ਦਸਦੀ ਹਾਂ , ਤੈਨੂੰ ਪਤਾ ਦੋ ਮਹੀਨੇ ਪਹਿਲਾਂ ?",ਇਹ ਆਖਦੀ ਗਗਨ ਰੁੱਕ ਜਾਂਦੀ ਹੈ . ਹਰਮਨ ਉਸ ਵੱਲ ਟਿਕਟਿਕੀ ਲਗਾਈ ਵੇਖ ਰਹੀ ਹੁੰਦੀ ਹੈ . ਉਸਦੀਆਂ ਅੱਖਾਂ ਹੈਰਾਨੀ ਨਾਲ ਭਰੀਆਂ ਪਈਆਂ ਹੁੰਦੀਆਂ ਹਨ ਅਤੇ ਉਹ ਸਿਰਫ ਇਹੀ ਸੋਚ ਰਹੀ ਹੁੰਦੀ ਹੈ ਕਿ ਇਹ ਸਵੇਰੇ ਖਾ ਕੇ ਕੀ ਆਈ ਹੋਵੇਗੀ ?
ਗਗਨ, ਹਰਮਨ ਦੀਆਂ ਅੱਖਾਂ ਅੱਗੇ ਹੱਥ ਫੇਰਦੀ ਹੈ ਅਤੇ ਬੋਲਦੀ ਹੈ," ਹੈੱਲੋ ? ਹੈੱਲੋ ? ਹਰਮਨ ? "
ਗਗਨ ਟ੍ਰੇਨ ਦੇ ਡੱਬੇ ਵਿੱਚ ਹੋਰ ਯਾਤਰੀਆਂ ਵੱਲ ਧਿਆਨ ਮਾਰਦੀ ਹੈ ਤਾਂ ਉਹ ਸਭ ਵੀ ਹੈਰਾਨੀ ਭਰੀਆਂ ਅੱਖਾਂ ਨਾਲ ਗਗਨ ਨੂੰ ਹੀ ਘੂਰੀ ਜਾ ਰਹੇ ਹੁੰਦੇ ਹਨ . ਗਗਨ ਇਹ ਦੇਖ ਕੇ ਹੈਰਾਨ ਹੁੰਦੀ ਹੈ ਅਤੇ ਬੋਲਦੀ ਹੈ, "ਮੈਨੂੰ ਤਾਂ ਲੱਗਦਾ ਹੈ ਜਿਵੇਂ ਮੈਂ ਕਿਸੇ ਦੇ ਮਾਤਮ ਤੇ ਆ ਗਈ ਹੋਵਾਂ . ਜੇ ਕਬਰਿਸਤਾਨ ਚਲੀ ਜਾਂਦੀ ਤਾਂ ਉੱਥੇ ਵੀ ਇਸ ਡੱਬੇ ਨਾਲੋਂ ਵੱਧ ਰੌਣਕ ਹੁੰਦੀ ."

ਜਾਰੀ ਹੈ ..............

Monday 18 March 2013

ਅਨੋਖਾ ਪਿਆਰ      ਭਾਗ - ਸੱਤਵਾਂ      ਲੇਖਕ - ਦੀਪ ਮਾਨ

"ਕੀ ਹੋਇਆ ਮੇਰੇ ਯਾਰ ?
ਅੱਜ ਇਹ ਵਕਤ ਉਦਾਸ ਉਦਾਸ ?
ਇਹ ਹਾਲਾਤ ਨੇ ਉਦਾਸ ਉਦਾਸ ,
ਤੇ ਇਹ ਜਜਬਾਤ ਨੇ ਉਦਾਸ ਉਦਾਸ ?",ਸੋਨੀ ਨੇ ਦੀਪ ਨੂੰ ਪੁੱਛਿਆ .ਮਗਰ ਦੀਪ ਨੇ ਕੋਈ ਜੁਆਬ ਨਾ ਦਿੱਤਾ . ਤਾਂ ਸੋਨੀ ਨੇ ਦੁਬਾਰਾ ਪੁੱਛਿਆ ,"ਮੇਰੇ ਯਾਰ ਕੀ ਗੱਲ ਏ ? ਐਸਾ ਕੀ ਹੋਇਆ ਇਹ ਚਿਹਰਾ ਜੋ ਕੁਮਲਾ ਗਿਆ ? ਸਭ ਠੀਕ ਤਾਂ ਹੈ ? ਕੁਝ ਬੋਲਦਾ ਕਿਓਂ ਨਹੀ ?"
"ਹਾਏ ! ਮੇਰੇ ਯਾਰ ,,
ਸੁੰਨੇ ਸੁੰਨੇ ਰਾਹਾਂ ਵਿੱਚ ਕੋਈ ਕੋਈ ਪੈੜ ਏ .
ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ ...",ਦੀਪ ਨੇ ਸੋਨੀ ਦੀ ਗੱਲ ਦਾ ਜੁਆਬ ਦਿੱਤਾ ..
"ਕਿਸੇ ਨਾਲ ਲੜਾਈ ਹੋਈ ਤੇਰੀ ਦੀਪ ?"
"ਹਾਂ."
"ਮਗਰ ਕਿਸ ਨਾਲ ?"
"ਨੂਰਾਂ ."
"ਨੂਰਾਂ ? ਇਹ ਕੌਣ ?"
"ਨੂਰਾਂ ਉਸ ਦਾ ਨਾਂ ਪਰ ਦਿਲ ਦੀ ਸਿਆਹ ,
ਸਿਆਹ ਹੀ ਬੁਰਕਾ ਰੇਸ਼ਮੀ ਪਾਇਆ ਕਰੇ ..
ਕੱਟਦੀ ਇੱਕ ਰਾਤ ਓਹ ਜਿਸ ਆਲਣੇ ,,
ਉਮਰ ਭਰ ਪੰਛੀ ਉਹ ਕੁਰਲਾਇਆ ਕਰੇ ..."
"ਪਿਆਰ ਦੀ ਸੱਟ ਏ ?"
ਹਾਂ, ਮੇਰੇ ਯਾਰ ਹਾਂ ."
"ਮੇਰੇ ਯਾਰ ਸਾਰੀ ਦੁਨੀਆ ਹੀ ਪਿਆਰ ਚ ਧੋਖਾ ਖਾ ਚੁਕੀ ਹੈ . ਜਿਸ ਇਨਸਾਨ ਨੂੰ ਛੂਹੀਦਾ ਏ ਜਾਂ ਖੜਕਾਈਦਾ ਏ , ਉੱਚੀ - ਉੱਚੀ ਪੱਥਰਾਂ ਦੇ ਟਕਰਾਉਣ ਦੀ ਅਵਾਜ ਆਉਂਦੀ ਏ, ਇਹ ਸਭ ਪਿਆਰ ਚ ਦਗਾ ਖਾ ਚੁਕੇ ਪੱਥਰ ਬਣ ਚੁਕੇ ਨੇ ਮੇਰੇ ਯਾਰ . ਇਹਨਾਂ ਇਨਸਾਨ ਨਾਮ ਦੇ ਬੁੱਤਾਂ ਦੇ ਅੰਦਰਲੀਆਂ ਭਾਵਨਾਵਾਂ ਦਾ ਬਲਾਤਕਾਰ ਹੋ ਚੁਕਿਆ ਹੈ . ਇਹਨਾਂ ਦੀਆਂ ਖਵਾਹਿਸ਼ਾਂ ਦਾ ਗਲਾ ਘੋਟ ਦਿੱਤਾ ਗਿਆ ਏ . ਸਮਾਜ ਸੁਧਾਰਕ ਕਹਾਉਣ ਵਾਲੇ ਪੱਥਰ ਦੇ ਘੜਤ ਬੁੱਤ ਦੀ ਤਰਾਂ ਨੇ . ਇੱਥੇ ਸਭ ਖੋਖਲੇ ਬੁੱਤ ਨੇ ."
"ਤੂੰ ਸਹੀ ਕਹਿ ਰਿਹਾ ਏਂ .ਜਦੋਂ ਇਨਸਾਨ ਸਮਾਜ ਦੇ ਵਿੱਚੋਂ ਆਜਾਦ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਪਣੇ ਹੀ ਉਸਦਾ ਕਤਲ ਕਰ ਦਿੰਦੇ ਨੇ ."
"ਇਹ ਦੁਨੀਆਦਾਰੀ ਏ ."
"ਸਦਕੇ ਜਾਵਾਂ ਉਸਦੀ ਦੁਨੀਆਦਾਰੀ ਤੋ ..

ਹਾਂ ਵੇਖੇ ਨੇ ਮੈਂ ਲੋਕ ,
ਗਮ ਦੇ ਹੋਰਾਂ ਚ ਡੁੱਬਦੇ ..
ਰਾਤ ਦੇ ਸੰਨਾਟੇ ਅਤੇ ,
ਚੁੱਪ ਦਿਆਂ ਸ਼ੋਰਾਂ ਚ ਡੁੱਬਦੇ ..
ਮਰਦੇ ਅੰਦਰੋ ਅੰਦਰੀ ,
ਹੰਝੂਆਂ ਦੇ  ਦੌਰਾਂ ਚ ਡੁੱਬਦੇ ..
ਝੂਠ ਅੱਗੇ ਰੋਂਦੇ ਕੁਰਲਾਉਂਦੇ ,
ਸੱਚ ਦਿਆਂ ਜੋਰਾਂ ਚ ਡੁੱਬਦੇ ..
ਅੰਦਰੋਂ ਗਰੀਬ ਪਰ ਉੱਤੋਂ ,
ਨਵਾਬੀ ਤੋਰਾਂ ਚ ਡੁੱਬਦੇ ..
ਮਨ ਵਿੱਚ ਗਿਰਝਾਂ ਰੱਖਣ ,
ਪਰ ਉੱਤੋਂ ਮੋਰਾਂ ਚ ਡੁੱਬਦੇ ..
ਹਾਂ ਵੇਖੇ ਨੇ ਮੈਂ ਲੋਕ ,
ਚੱਪ ਦਿਆਂ ਸ਼ੋਰਾਂ ਚ ਡੁੱਬਦੇ ."

ਅਗਲੀ ਸਵੇਰ ਦਾ ਸੂਰਜ ਨਿੱਕਲ ਚੁਕਾ ਹੈ ਮਗਰ ਬੱਦਲਾਂ ਦੀ ਚਾਦਰ ਨੇ ਅਜੇ ਵੀ ਉਸਨੂੰ ਢੱਕ ਰੱਖਿਆ ਹੈ . ਕੁੱਕੜ ਕਦੋਂ ਦੀਆਂ ਵਾਂਗਾਂ ਦੇਣ ਪਏ ਹਨ . ਚਿੜੀਆਂ ਨੇ ਮਧੁਰ ਗੀਤਾਂ ਨੂੰ ਗਾਉਣਾ ਸ਼ੁਰੂ ਕਰ ਦਿੱਤਾ ਹੈ .  ਫੁੱਲਾਂ ਨੇ ਸਵੇਰ ਦੀ ਪਹਿਲੀ ਧੀਮੀ ਤੁਰਦੀ ਹਵਾ ਦੀ ਪੌਣ ਨੂੰ ਖੁਸ਼ਬੂ ਬਿਖੇਰਨ ਲਈ ਆਪਣੇ ਅੰਸ਼ ਦੇ ਦਿੱਤੇ ਹਨ . ਅਸਮਾਨ ਤੇ ਲਾਲੀ ਛਾਈ ਹੋਈ ਹੈ . ਸਾਰੀ ਕਾਇਨਾਤ ਖਿੜ ਰਹੀ ਹੈ . ਅੱਜ ਦੀ ਇਸ ਖੂਬਸੂਰਤ ਸਵੇਰ ਨੂੰ ਵੇਖਣ ਲਈ ਹਰਮਨ ਇਸ ਪਿੰਡ ਵਿੱਚ ਨਹੀ ਰਹੀ . ਉਹ ਸੂਰਜ ਨਿੱਕਲਣ ਤੋ ਪਹਿਲਾ ਹੀ ਸਵੇਰ ਦੀ 4 ਵਜੇ ਦੀ ਟ੍ਰੇਨ ਰਾਹੀਂ ਪਿੰਡ ਛੱਡ ਕੇ ਆਪਣੇ ਸਫਰ ਤੇ ਤੁਰ ਪਈ ਹੈ . ਇਹ ਸਫਰ ਸਭ ਤੋ ਦਰਦਨਾਕ ਹੈ ਉਸ ਲਈ .ਉਹ ਆਪਣੇ ਪਿਆਰ ਦਾ ਦਿਲ ਤੋੜ ਕੇ ਹਮੇਸ਼ਾ - ਹਮੇਸ਼ਾ ਦੇ ਲਈ ਉਸਨੂੰ ਅਲਵਿਦਾ ਕਹਿ ਚੁਕੀ ਹੈ .

ਜਾਰੀ ਹੈ।।।।।।।।
 

Sunday 17 March 2013

ਅਨੋਖਾ ਪਿਆਰ         ਭਾਗ - ਛੇਵਾਂ       ਲੇਖਕ - ਦੀਪ ਮਾਨ

ਹਰਮਨ ਅਤੇ ਜਸ਼ਨ ਇੱਕ ਕਮਰੇ ਵਿੱਚ ਬੈਠੀਆਂ ਹਨ . ਜਸ਼ਨ ਅਖਬਾਰ ਪੜ ਰਹੀ ਹੈ ਜਦਕਿ ਹਰਮਨ ਰਾਤ ਵਾਲੀ ਉਸਦੀ ਕੀਤੀ ਤੋ ਉਦਾਸ ਹੈ . ਜਸ਼ਨ, ਹਰਮਨ ਨੂੰ ਉਦਾਸ ਹੋਈ ਵੇਖਦਿਆਂ ਪੁੱਛਦੀ ਹੈ,"ਤੂੰ ਹੁਣ ਕਿਓਂ ਉਦਾਸ ਏਂ ? ਤੈਨੂੰ ਉਹ ਚੰਗਾ ਨਹੀ ਲੱਗਦਾ ਸੀ ਤੈਂ ਉਸਨੂੰ ਛੱਡ ਦਿੱਤਾ . ਹੁਣ ਇਸ ਮੁਰਝਾਏ ਚਿਹਰੇ ਨੂੰ ਖੁਸ਼ ਕਰ ."
"ਨਹੀਂ ਜਸ਼ਨ ਮੈਂ ਸਹੀ ਨਹੀ ਕੀਤਾ ."
"ਕੀ ਮਤਲਬ ? ਤੈਂ ਸਹੀ ਨਹੀ ਕੀਤਾ . ਤੈਂ ਜੋ ਚਾਹਿਆ ਓਹੀ ਕੀਤਾ, ਜੋ ਵੀ ਕੀਤਾ ਏ ਸਹੀ ਏ,ਤੈਨੂੰ ਉਸ ਵਰਗੇ ਬਹੁਤ ਮਿਲ ਜਾਣਗੇ ."
"ਨਹੀ, ਜਸ਼ਨ ਨਹੀਂ .
ਉਹ ਮੈਨੂੰ ਪਿਆਰ ਕਰਦਾ ਸੀ . ਬੇਇੰਤਹਾ ਪਿਆਰ ਕਰਦਾ ਸੀ ਮੈਨੂੰ ਅਤੇ ਮੈਂ ਵੀ ਉਸਨੂੰ ਬੇਇੰਤਹਾ ਪਿਆਰ ਕਰਦੀ ਹਾ ."
"ਫਿਰ ਤੈਂ ਉਸਨੂੰ ਛੱਡ ਕਿਓਂ ਦਿੱਤਾ ?",ਜਸ਼ਨ ਨੇ ਹੈਰਾਨ ਹੋ ਕੇ ਉਸਨੂੰ ਪੁੱਛਿਆ .
"ਕਿਉਂਕਿ ਮੈਂ ਉਸਨੂੰ ਪਿਆਰ ਕਰਦੀ ਹਾਂ ."
"ਮੈਨੂੰ ਤੇਰੀਆਂ ਗੱਲਾਂ ਸਮਝ ਨਹੀ ਆ ਰਹੀਆਂ, ਤੂੰ ਪਾਗਲ ਹੋ ਗਈ ਏਂ ."
"ਹਾਂ ਹੋ ਗਈ ਹਾਂ ਉਸਦੀ ਮੁਹੱਬਤ ਦੇ ਵਿੱਚ ."
"ਮੈਨੂੰ ਇੱਕ ਗੱਲ ਦੱਸ, ਜੇ ਤੂੰ ਉਸਨੂੰ ਪਿਆਰ ਕਰਦੀ ਏਂ ਤਾਂ ਉਸ ਕੋਲ ਜਾ . ਉਸ ਨਾਲ ਕੀਤੇ ਬੁਰੇ ਸਲੂਕ ਲਈ ਮਾਫ਼ੀ ਮੰਗ ਲੈ . ਜੇ ਓਹ ਤੈਨੂੰ ਪਿਆਰ ਕਰਦਾ ਹੋਵੇਗਾ ਤਾਂ ਉਹ ਤੈਨੂੰ ਜਰੂਰ ਮਾਫ਼ ਕਰ ਦੇਵੇਗਾ . ਮੈਂ ਸਹੀ ਹਾਂ ਨਾ ?"
"ਨਹੀਂ ."
"ਹੂੰਹ !", ਜਸ਼ਨ ਗੁੱਸੇ ਵਿੱਚ ਬੋਲ ਦਿੰਦੀ ਹੈ .
"ਨਹੀ ਜਸ਼ਨ ਤੂੰ ਇਹ ਨਹੀ ਸਮਝੇਂਗੀ . ਪਿਆਰ ਬਹੁਤ ਬੁਰੀ ਤੇ ਲਾਇਲਾਜ ਬਿਮਾਰੀ ਹੈ . ਜੇ ਇਹ ਲੱਗ ਜਾਏ ਤਾਂ ਕੋਈ ਇਲਾਜ ਨਹੀਂ . ਤਾਹੀਂ ਤਾ ਮੈਂ ਉਸ ਕੋਲੋਂ ਦੂਰ ਜਾ ਰਹੀ ਹਾਂ ."
"ਵੈਸੇ ਕਿੱਥੇ ਜਾ ਰਹੀ ਏਂ ? ਤੈਂ ਮੈਨੂੰ ਦੱਸਿਆ ਨਹੀ ਅਜੇ ਤੱਕ ."
"ਮੈਂ ਜੰਮੂ ਜਾ ਰਹੀ ਹਾਂ ."
"ਕੀ ਕਰਨ ?"
"ਈ.ਟੀ।ਟੀ। ਦਾ ਕੋਰਸ ਕਰਨ ."
"ਮੌਮ-ਡੈਡ ?"
"ਉਹਨਾਂ ਨੂੰ ਕੋਈ ਇਤਰਾਜ ਨਹੀ . ਉਹ ਤਾਂ ਖੁਸ਼ ਨੇ ਕਿ ਮੈਂ ਕੋਰਸ ਕਰਕੇ ਵਦੀਆ ਸ਼ਾਇਦ ਟੀਚਰ ਦੀ ਜੋਬ ਤੇ ਲੱਗ ਜਾਵਾਂ ."
"ਕੀ ਤੈਨੂੰ ਅਜੇ ਵੀ ਯਕੀਨ ਹੈ ਕਿ ਤੂੰ ਸਹੀ ਕਰ ਰਹਿਣ ਏਂ ?"
"ਹਾਂ ਬਿਲਕੁਲ, ਅਤੀਤ ਨੂੰ ਮਿਟਾ ਦੇਣਾ ਹੀ ਚੰਗਾ ਹੈ ਜੇ ਮੈਂ ਆਪਣਾ ਭਵਿਖ ਬਣਾਉਣਾ ਚਾਹਵਾਂ ."
"ਅਤੀਤ ਦਾ ਭਵਿਖ ਤੇ ਪੂਰਾ ਅਸਰ ਹੁੰਦਾ ਹੈ ."
"ਨਹੀ, ਅੱਜ ਅਤੀਤ ਹੈ ਅਤੇ ਕੱਲ ਭਵਿਖ ."
"ਅੱਛਾ ਫਿਰ, ਕਦੋਂ ਜਾ ਰਹੀ ਏਂ ?"
"ਕੱਲ ਹੀ ."
"ਵਾਪਿਸ ਤਾਂ ਜਲਦੀ ਆਵੇਂਗੀ ?"
"ਕੁਝ ਕਹਿ ਨਹੀਂ ਸਕਦੀ , ਵਕਤ ਬਹੁਤ ਘੱਟ ਏ ."
"ਮੇਰੀ ਯਾਦ ਆਵੇਗੀ ?"
"ਬਹੁਤ ."
"ਕੋਰਸ ਦੇ ਬਾਅਦ ਕੀ ਕਰੇਂਗੀ ?"
"ਜੇ ਨੌਕਰੀ ਮਿਲ ਗਈ ਠੀਕ ਏ ਨਹੀਂ ਤਾਂ ਕੈਨੇਡਾ ਚਲੀ ਜਾਵਾਂਗੀ, ਮਾਸੀ ਕੋਲ ."
"ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ ."
"ਮੈਂ ਵੀ, ਛੋਟੀ ਜ੍ਸ਼ੂ ."

ਜਾਰੀ ਹੈ ........................

Friday 15 March 2013

 ਅਨੋਖਾ ਪਿਆਰ (ਨਾਵਲ)     ਭਾਗ - ਪੰਜਵਾਂ        ਲੇਖਕ - ਦੀਪ ਮਾਨ       

"ਨਹੀਂ ਦੀ .", ਸਿਮ ਜੁਆਬ ਦਿੰਦੀ ਹੈ  .
"ਸਿਮ ਮੈਂ ਨਹੀਂ ਜਾਣਦੀ ਤੇਰੇ ਮੌਮ-ਡੈਡ ਨੇ ਤੈਨੂੰ ਅਚਾਨਕ ਮੇਰੇ ਕੋਲ ਕਿਉਂ ਭੇਜਿਆ ਮਗਰ ਤੂੰ ਮੇਰੇ ਕੋਲ ਰਹਿ ਕੇ ਖੁਸ਼ ਤਾਂ ਏਂ ? ਮੈਥੋਂ ਤੇਰੀ ਰੋਜ ਦੀ ਇਹ ਹਾਲਤ ਨਹੀਂ ਵੇਖੀ ਜਾਂਦੀ . ਜੇ ਤੂੰ ਚਾਹੇਂ ਤਾਂ ਮੈਂ ਉਹਨਾਂ ਨੂੰ ਕਹਿ ਦਿੰਦੀ ਹਾ ਉਹ ਤੈਨੂੰ ਲੈ ਜਾਣਗੇ ."
"ਨਹੀਂ ਦੀ, ਮੈਂ ਤੁਹਾਡੇ ਕੋਲ ਹੀ ਰਹਾਂਗੀ ."
"ਫਿਰ ਕੀ ਗੱਲ ਹੈ ? ਕਿਸੇ ਨੇ ਕੁਝ ਗਲਤ ਕੀਤਾ ? ਜਾਂ ਕਿਸੇ ਲੜਕੇ ਨੇ ਤੇਰਾ ਦਿਲ ਤੋੜਿਆ ?"
ਇਹ ਸੁਣ ਕੇ ਸਿਮ ਦੀਆਂ ਅੱਖਾਂ ਵਿੱਚੋ ਕਾਫੀ ਦੇਰ ਤੋ ਦਬਾਏ ਹੋਏ ਹੰਝੂ ਮੋਟੀਆਂ ਕਣੀਆਂ ਦੀ ਤਰਾਂ ਡਿੱਗਣ ਲੱਗ ਪੈਂਦੇ ਨੇ .ਸਿਮ, ਐਂਜਲ ਦਾ ਜੁਆਬ ਦਿੰਦੀ ਹੈ, "ਹਾਂ ਦੀ, ਉਸ ਨੇ ਮੇਰਾ ਦਿਲ ਤੋੜਿਆ ਏ ."
"ਨਹੀਂ, ਨਹੀਂ ਮੇਰੇ ਬੇਟੇ ਰੋਈਦਾ ਨਹੀਂ . ਅੱਖਾਂ ਸਾਫ਼ ਕਰ .", ਇਹ ਆਖਦਿਆਂ ਐਂਜਲ, ਸਿਮ ਦੇ ਸਿਰ ਨੂੰ ਆਪਣੀ ਛਾਤੀ ਨਾਲ ਲਾ ਲੈਂਦੀ ਹੈ ਅਤੇ ਹੰਝੂਆਂ ਨੂੰ ਪੂੰਝਦੀ ਹੈ . ਐਂਜਲ ਉਸਨੂੰ ਘੁੱਟ ਕੇ ਛਾਤੀ ਨਾਲ ਲਾ ਲੈਂਦੀ ਹੈ ਸਿਮ ਨੂੰ ਵੀ ਕੁਝ ਰਾਹਤ ਮਿਲ ਜਾਂਦੀ ਹੈ . ਕਿਉਂਕਿ ਬਹੁਤ ਦਿਨਾਂ ਤੋ ਦਬਾਏ ਹੋਏ ਦਿਲ ਦੇ ਰਾਜ ਅੱਜ ਧਰਤੀ ਦਾ ਸੀਨਾ ਪਾੜ ਕੇ ਅੱਜ ਬਜਰ ਨਿੱਕਲ ਆਏ ਸੀ . ਸਿਮ ਹੰਝੂ ਵਹਾਉਂਦਿਆਂ ਐਂਜਲ ਨੂੰ ਪੁੱਛਦੀ ਹੈ,"ਦੀ ਇੱਕ ਸਵਾਲ ਪੁੱਛਾਂ ?"
"ਹਾਂ, ਜਰੂਰ ਪੁੱਛ ਮੇਰੇ ਬੇਟੇ ."
"ਦੀ,,,, ਜਿਹਨਾਂ ਵਾਸਤਾ ਨਾ ਪਾਇਆ ਕਦੀ ਟੋਬਿਆਂ ਨਾਲ,
     ਅੱਜ ਪਤਾ ਨਹੀਂ ਕਿਉਂ ਉਹ ਸਮੁੰਦਰੀ ਜਾ ਡੁੱਬੇ ?"
ਇਹ ਸੁਣ ਐਂਜਲ ਦੀਆਂ ਅੱਖਾਂ ਵਿਚੋਂ ਵੀ ਹੰਝੂ ਨਿੱਕਲ ਆਉਂਦੇ ਨੇ ਅਤੇ ਐਂਜਲ ਆਖਦੀ ਹੈ,"ਸਿਮ ਜੁਆਬ ਬਹੁਤ ਦਰਦ ਦੇਵੇਗਾ ਮਗਰ ਮੈਂ ਤੈਨੂੰ ਇੱਕ ਨਾਜੋ ਦੀ ਗੱਲ ਸੁਣਾਉਂਦੀ ਹਾ, ਤਾਂ ਸ਼ਾਇਦ ਤੈਨੂੰ ਕੁਝ ਪਤਾ ਲੱਗੇ . ਤੈਂ ਸੁਣੀ ਹੈ ਨਾਜੋ ਦੀ ਕਹਾਣੀ ?"
"ਨਹੀਂ ਦੀ,ਮੈਂ ਨਹੀਂ ਸੁਣੀ ."
"ਠੀਕ ਹੈ ਅੱਜ ਨਾਜੋ ਦੀ ਬੀਤੀ ਹੋਈ ਗੱਲ ਦੱਸਦੀ ਹਾਂ ....
.....
ਕਿਸੇ ਦਾ ਕਰਕੇ ਕਿਸੇ ਦੀ ਜਿੰਦਗੀ ਬਚਦੀ ਵੇਖੀ ਮੈਂ .
ਕਦੀ ਹੋਰ ਕਿਸੇ ਲਈ ਜਾਨ ਵੀ ਤਨ ਚੋ ਨਿਕਲਦੀ ਵੇਖੀ ਮੈਂ .
ਵਾਦੇ ਕਸਮਾਂ ਜੀਣ ਮਰਨ ਦੀਆਂ ਹੁੰਦੀਆਂ ਵੇਖੀਆਂ ਨੇ ,
ਫਿਰ ਹਮਬਿਸਤਰ ਹੋ ਨਜਰ ਲੋਕਾਂ ਦੀ ਬਦਲਦੀ ਵੇਖੀ ਮੈਂ .

ਦੱਸਾਂ ਗੱਲ ਮੈਂ ਨਾਜਾਂ ਨਾਲ ਪਾਲੀ ਨਾਜੋ ਰਾਣੀ ਦੀ .
ਅਲ੍ੜੇ ਉਮਰੇ ਲਾ ਲਈ ਜਿਹੜੀ ਇਸ਼ਕ਼ ਬਿਮਾਰੀ ਦੀ .
ਸੁੱਤਾ ਜੱਗ ਤੇ ਨਾਜੋ ਕੱਲੀ ਨੱਚਦੀ ਵੇਖੀ ਮੈਂ .
ਫਿਰ ਹਮਬਿਸਤਰ ਹੋ ......

ਵਿਸਰੀ ਉਸਨੂੰ ਦੁਨੀਆ ਭੁੱਲ ਵੀ ਘਰ ਪਰਿਵਾਰ ਗਿਆ .
ਬਸ ਉਹਦਾ ਨਾਮ ਬੁਲੀਆਂ ਤੇ ਪਿਆਰ ਹੀ ਯਾਰ ਰਿਹਾ .
ਫਿਰ ਇਸ਼ਕ਼ ਚੁਬਾਰੇ ਬਿਨ ਪੌੜੀਆਂ ਚੜਦੀ ਵੇਖੀ ਮੈਂ .
ਫਿਰ ਹਮਬਿਸਤਰ ਹੋ ........

ਆਂਡ-ਗੁਆਂਡ ਤੇ  ਰਿਸ਼ਤੇਦਾਰ ਓਹਨੇ  ਆਪਣੇ  ਵੈਰੀ ਕਰ ਲਏ .
ਕਹਿੰਦੀ ਮੈਂ ਓਹਦੀ ਓਹ ਮੇਰਾ ਸ਼ਰੇਆਮ ਦੁਨੀਆ ਜੋ ਕਰਨਾ ਕਰ ਲਏ .
ਓਹਦੇ ਨੈਣਾਂ ਵਿੱਚ ਇੱਕ ਚਿਣਗ ਇਸ਼ਕ਼ ਦੀ ਭਖਦੀ ਵੇਖੀ ਮੈਂ .
ਫਿਰ ਹਮਬਿਸਤਰ ਹੋ ........

ਜਦ ਆਈ ਗੱਲ ਫਿਰ ਚੱਲ ਰਿਸ਼ਤਾ ਆਪਣਾ ਰਸਮਾਂ ਦੇ ਵਿੱਚ ਬੰਨੀਏ .
ਤਾਂ ਹੱਸ ਕੇ  ਕਹਿੰਦਾ ਯਾਰ ਅਜੇ ਮੈਂ  ਨਹੀਂ ਤਿਆਰ  ਨੀ ਚੰਨੀਏ .
ਬੋਲ ਇਹ ਧਰ ਕੇ ਤਲੀ ਤੇ ਰੋਂਦੀ ਵਿਲਕਦੀ ਵੇਖੀ ਮੈਂ .
ਫਿਰ ਹਮਬਿਸਤਰ ਹੋ ......

ਇਹਤੋ ਬਾਅਦ ਯਾਰ ਮਸਤਾਨੇ ਨੇ ਅੱਡ ਕਰ ਲਈਆਂ ਰਾਹਾਂ .
ਪੱਥਰ ਹੋ ਗਈ ਨਾ ਹੱਸਦੀ ਨਾ ਦਿਲ ਦੀਆਂ ਨਿੱਕਲਦੀਆਂ ਧਾਹਾਂ .
ਫਿਰ ਨਾਜੋ ਪੀਰਾਂ ਦੇ ਦਰ ਮੱਥਾ ਰਗੜਦੀ ਵੇਖੀ ਮੈਂ .
ਫਿਰ ਹਮਬਿਸਤਰ ਹੋ ਨਜਰ ਲੋਕਾਂ ਦੀ ਬਦਲਦੀ ਵੇਖੀ ਮੈਂ . "

ਇਹ ਸੁਣਾਉਂਦਿਆਂ ਐਂਜਲ ਵੀ ਹੰਝੂ ਕੇਰਣ ਲੱਗ ਪੈਂਦੀ ਹੈ ਅਤੇ ਬਹੁਤ ਸਾਲਾਂ ਤੋ ਦਿਲਾਂ ਅੰਦਰ ਦਬਾਏ ਸਮੰਦਰ ਬਾਹਰ ਕੱਡ ਮਾਰਦੀ ਹੈ . ਸਿਮ ਦੁਬਾਰਾ ਐਂਜਲ ਤੋ ਪੁੱਛਦੀ ਹੈ,"ਦੀ ਇਹ ਨਾਜੋ ਕੌਣ ਸੀ?"
"ਤੇਰੀ ਐਂਜਲ ਦੀ .",ਐਂਜਲ ਇਹ ਆਖਦਿਆਂ ਹੋਰ ਜੋਰ ਨਾਲ ਰੋਣ ਲੱਗ ਪੈਂਦੀ ਹੈ ਅਤੇ ਦਿਲ ਨੂੰ ਹੌਲਾ ਕਰਨ ਲੱਗਦੀ ਹੈ . ਅਜਿਹਾ ਕਰਨ ਨਾਲ ਦੋਵਾਂ ਨੂੰ ਕੁਝ ਨਾ ਕੁਝ ਰਾਹਤ ਮਿਲਦੀ ਹੈ .

ਜਾਰੀ ਹੈ।।।।।।।।।।।।।।।।।।।।

Thursday 14 March 2013

ਅਨੋਖਾ ਪਿਆਰ      ਭਾਗ - ਚੌਥਾ          ਲੇਖਕ - ਦੀਪ ਮਾਨ
 
ਆਪਣੇ ਸਿਰ ਨੂੰ ਗੋਡਿਆਂ ਵਿੱਚ ਲੈ ਕੇ ਹੰਝੂ ਕੇਰਣ ਲੱਗ ਜਾਂਦੀ ਹੈ . ਸਿਮ ਉਸ ਦੀਆਂ ਗੱਲਾਂ ਤੋ ਅੰਦਰੋ ਪੂਰੀ ਤਰਾਂ ਟੁੱਟ ਜਾਂਦੀ ਹੈ . ਉਸਨੂੰ ਅਜੀਬ ਜਿਹਾ ਦਰਦ ਉਠਦਾ ਹੈ ਜੋ ਦਿਲ ਤੋ ਸ਼ੁਰੂ ਹੁੰਦਿਆਂ - ਹੁੰਦਿਆਂ ਅੱਖਾਂ ਵਿੱਚ ਹੰਝੂ ਬਣਨ ਲੱਗ ਜਾਂਦਾ ਹੈ .ਪਿਆਰਾਂ ਅਤੇ ਨਾਜਾਂ ਨਾਲ ਪਾਲੀ ਹੋਈ ਹੋਣ ਕਰਕੇ ਕਦੀ ਉਸਨੂੰ ਅਜਿਹੇ ਦਰਦ ਦਾ ਸਾਹਮਣਾ ਨਾ ਕਰਨਾ ਪਿਆ ਸੀ . ਅੱਜ ਉਸਨੂੰ ਲੱਗਾ ਜਿਵੇਂ ਦੁਨੀਆਦਾਰੀ ਦੇ ਪਹਿਲੇ ਪੜਾਅ ਨੂੰ ਪਾਰ ਕਰ ਚੁਕੀ ਹੋਵੇ . ਉਸ ਨੂੰ ਅਹਿਸਾਸ ਹੁੰਦਾ ਹੈ ਕਿ ਇਹ ਦੁਨਿਆ ਸਿਰਫ ਦਰਦ ਦੇਣਾ ਹੀ ਜਾਣਦੀ ਹੈ .ਪਿਆਰ ਨਾਮ ਦੇ ਲਫਜ ਨੂੰ ਤਾਂ ਇਹ ਲੋਕ ਪੂਰੀ ਤਰਾਂ ਭੁਲਾ ਚੁਕੇ ਹਨ . ਕੋਈ ਪਿਆਰ ਨਹੀ ਇਹਨਾਂ ਕੋਲ . ਪੱਥਰ ਜਿਹੇ ਕਠੋਰ ਦਿਲਾਂ ਨੂੰ ਲੈ ਕੇ ਘੁੰਮ ਰਹੇ ਨੇ ਲੋਕ . ਸਿਮ ਇਹ ਸਭ ਦਿਮਾਗ ਅੰਦਰ ਬਾਰ - ਬਾਰ ਦੁਹਰਾਉਣ ਲੱਗ ਪੇਂਦੀ ਹੈ . ਜਿੰਨੀ ਬਾਰ ਦੁਹਰਾਉਂਦੀ ਓਨੀ ਹੀ ਬਾਰ ਦਰਦ ਵੱਧਦਾ ਜਾਂਦਾ . ਦਰਦ ਦੇ ਨਾਲ - ਨਾਲ ਹੰਝੂ ਵੱਧਦੇ ਜਾਂਦੇ . ਫੁੱਲਾਂ ਜਿਹੇ ਚਿਹਰੇ ਤੇ ਬਾਰ - ਬਾਰ ਮੀਂਹ ਪੈਂਦਾ ਹੀ ਰਹਿੰਦਾ . ਹੰਝੂਆਂ ਦੇ ਹੜ ਆਉਂਦੇ ਹੀ ਰਹਿੰਦੇ . ਉਸ ਦੀਆਂ ਕਹੀਆਂ ਪੱਥਰ ਜਿਹੀਆਂ ਕਠੋਰ ਗੱਲਾਂ ਨੂੰ ਯਾਦ ਕਰਦਿਆਂ ਉਸਦੇ ਦਿਮਾਗ ਵਿੱਚ ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਕਵਿਤਾ ਦੀ ਇੱਕ ਤੁੱਕ ਉਸਨੂੰ ਯਾਦ ਆ ਗਈ
"ਪੀੜ ਦਿਲ ਦੀ ਬੂੰਦ ਬਣਕੇ, ਅੱਖੀਆਂ ਦੇ ਵਿੱਚ ਆ ਗਈ ."
ਇਹ ਆਖਦਿਆਂ ਹੀ ਸਿਮ ਆਪਣਾ ਮੂੰਹ ਸਿਰਹਾਣੇ ਨਾਲ ਦੱਬਣ ਲੱਗ ਪੈਂਦੀ ਹੈ ਅਤੇ ਰੋਣ, ਕੁਰਲਾਉਣ, ਵਿਲਕਣ ਲੱਗ ਪੈਂਦੀ ਹੈ . ਦਰਦ ਅਸਹਿ ਹੋ ਜਾਂਦਾ ਹੈ . ਹਾਲਤ ਮੌਤ ਤੋ ਵੀ ਬਦਤਰ ਹੋ ਜਾਂਦੀ ਹੈ . ਉਸਨੂੰ ਲੱਗਦਾ ਹੈ ਜਿਵੇਂ ਕਿਸੇ ਨੇ ਉਸਦੇ ਦਿਲ ਨੂੰ ਭੱਠੀ ਦੇ ਵਿੱਚ ਪਾ ਦਿੱਤਾ ਹੋਵੇ . ਸਾਰੇ ਕਮਰੇ ਦੇ ਵਿੱਚ ਚੁੱਪ ਛਾਈ ਹੋਈ ਸੀ ਮਗਰ ਸਿਮ ਦੇ ਵਿਲਕਣ, ਵੈਣ - ਕੀਰਨੇ ਪਾਉਣ ਦਾ ਸ਼ੋਰ ਚੰਗੇ - ਭਲੇ ਵਿਅਕਤੀ ਦੇ ਕੰਨ ਚੀਰ ਦੇਵੇ . ਘਰ ਦਾ ਦਰਵਾਜਾ ਖੁੱਲਣ ਦੀ ਆਵਾਜ ਸਿਮ ਨੂੰ ਸੁਣਾਈ ਦਿੰਦੀ ਹੈ ਤਾਂ ਓਹ ਝੱਟ ਆਪਣੇ ਹੰਝੂ ਸਾਫ਼ ਕਰ ਲੈਂਦੀ ਹੈ ਮਗਰ ਰੋਣ ਤੋ ਬਾਅਦ ਦੀ ਲਾਲੀ ਅਜੇ ਵੀ ਉਸ ਦੀਆਂ ਅੱਖਾਂ ਵਿੱਚ ਸਾਫ਼ ਦਿਖਾਈ ਦੇ ਰਹੀ ਹੁੰਦੀ ਹੈ . ਐਂਜਲ ਅੰਦਰ ਆਉਂਦਿਆਂ ਆਖਦੀ ਹੈ,"ਮੈਂ ਆ ਗਈ ਸਿਮ ."
"ਤੁਸੀਂ ਆ ਗਏ ਦੀ, ਮੈਂ ਪਾਣੀ ਲੈ ਕੇ ਆਈ ."ਸਿਮ ਰਸੋਈ ਵੱਲ ਨੂੰ ਜਾਂਦਿਆਂ ਹੋਇਆਂ ਆਖਦੀ ਹੈ . ਐਂਜਲ ਕਮਰੇ ਅੰਦਰ ਜਾ ਕੇ ਬੈੱਡਾਂ ਉੱਤੇ ਬੈਠ ਜਾਂਦੀ ਹੈ ਅਤੇ ਸਿਮ ਵੀ ਠੰਡੇ ਪਾਣੀ ਦਾ ਗਿਲਾਸ ਲੈ ਕੇ ਆ ਜਾਂਦੀ ਹੈ ਅਤੇ ਐਂਜਲ ਨੂੰ ਫੜਾਉਂਦਿਆਂ ਆਖਦੀ ਹੈ,"ਲਓ ਦੀ।" ਐਂਜਲ, ਸਿਮ ਦੀਆਂ ਅੱਖਾਂ ਦੀ ਲਾਲੀ ਵੇਖ ਅੰਦਾਜਾ ਲਗਾ ਲੈਂਦੀ ਹੈ ਕਿ ਇਹ ਅੱਜ ਜਰੂਰ ਉਸਤੋਂ ਬਾਅਦ ਰੋਈ ਹੋਵੇਗੀ . ਐਂਜਲ ਪਾਣੀ ਦਾ ਗਿਲਾਸ ਪੀ ਕੇ ਹੇਠਾਂ ਰੱਖ ਦਿੰਦੀ ਹੈ ਅਤੇ ਸਿਮ ਨੂੰ ਆਖਦੀ ਹੈ,"ਸਿਮ ਆ, ਮੇਰੇ ਕੋਲ ਬੈਠ ."
"ਕੀ ਦੀ ?",ਸਿਮ ਹੈਰਾਨ ਹੁੰਦਿਆਂ ਪੁਛਦੀ ਹੈ .
"ਮੈਂ ਕਿਹਾ ਆ ਮੇਰੇ ਕੋਲ ਬੈਠ ਮੈਂ ਤੇਰੇ ਨਾਲ ਗੱਲ ਕਰਨੀ ਹੈ ."
"ਕਿਸ ਤਰਾਂ ਦੀ ਗੱਲ ਦੀ?"
"ਸਿਮ, ਮੈਂ ਚਾਹੇ ਤੇਰੇ ਤੋ ਚਾਰ ਸਾਲ ਹੀ ਵੱਡੀ ਹਾ ਆਪਣੀ ਉਮਰ ਚ ਜਿਆਦਾ ਫਰਕ ਨਹੀ ਮਗਰ ਮੈਂ ਐਨਾ ਤਾਂ ਜਰੂਰ ਜਾਣਦੀ ਹਾ ਰੋਣ ਤੋ ਬਾਅਦ ਚਿਹਰਾ ਕਿਹੋ ਜਿਹਾ ਦਿਖਾਈ ਦਿੰਦਾ ਹੈ ."
"ਮੈਨੂੰ ਸਮਝ ਨਹੀਂ ਆਈ ਦੀ .",ਇਹ ਆਖਦਿਆਂ ਸਿਮ ਵੀ ਬੈੱਡਾਂ ਤੇ ਬੈਠ ਜਾਂਦੀ ਹੈ .
"ਸਿਮ ਤੈਨੂੰ ਕੋਈ ਪ੍ਰੋਬਲਮ ਹੈ ? ਕੋਈ ਵੀ? ਜਾਂ ਤੇਰਾ ਮੇਰੇ ਕੋਲ ਦਿਲ ਨਹੀਂ ਲੱਗਦਾ ?"
"ਨਹੀਂ ਦੀ, ਐਸੀ ਕੋਈ ਗੱਲ ਨਹੀਂ ."
"ਕੋਈ ਤੰਗ ਕਰ ਰਿਹਾ ਹੋਵੇ ? ਤੇਰੀ ਸਿਹਤ ਤਾਂ ਠੀਕ ਹੈ ?"
"ਦੀ, ਤੁਸੀਂ ਇਹ ਕੀ ਪੁਛ ਰਹੇ ਹੋ ?"
"ਸਿਮ ਫਿਰ ਅੱਜ ਤੇਰੀਆਂ ਅੱਖਾਂ ਐਨੀਆਂ ਖੂਬਸੂਰਤ ਕਿਉਂ ਲੱਗ ਰਹੀਆਂ ਨੇ ?"
"ਇਹ ਐਸੀਆਂ ਹੀ ਨੇ ਦੀ ."
"ਮੀਂਹ ਪੈਣ ਤੋ ਬਾਅਦ ਜੋ ਸਤਰੰਗੀ ਪੀਂਘ ਬਣਦੀ ਹੈ ਓਹ ਪਹਿਲਾਂ ਕਦੀ ਨਹੀ ਬਣ ਸਕਦੀ . ਤੇਰੀਆਂ ਅੱਖਾਂ ਦੀ ਲਾਲੀ ਮੈਨੂੰ ਸਾਫ਼ ਦੱਸ ਰਹੀ ਹੈ ਕਿ ਤੂੰ ਜਰੂਰ ਰੋਈ ਹੈਂ ."
"ਨਹੀਂ ਦੀ ਮੈਂ ਕਿਉਂ ਰੋਣਾ ?"
"ਸਿਮ ਮੇਰੀਆਂ ਅੱਖਾਂ ਵਿੱਚ ਦੇਖ .", ਐਂਜਲ, ਸਿਮ ਦਾ ਚਿਹਰਾ ਆਪਣੇ ਹੱਥਾਂ ਨਾਲ ਫੜ ਕੇ ਆਪਣੇ ਚਿਹਰੇ ਵੱਲ ਕਰਦੀ ਹੈ ਮਗਰ ਸਿਮ ਅਜੇ ਵੀ ਨੀਵੀਂ ਪਾਈ ਬੈਠੀ ਹੁੰਦੀ ਹੈ . ਸਿਮ ਨੂੰ ਇਸ ਤਰਾਂ ਦੇਖ ਐਂਜਲ ਦੁਬਾਰਾ ਬੋਲਦੀ ਹੈ,"ਸਿਮ, ਜੇ ਮੇਰੇ ਵਿੱਚ ਕੋਈ ਕਮੀ ਹੈ ਤਾਂ ਦੱਸ . ਕੀ ਕੋਈ ਕਮੀ ਹੈ?"

        ਜਾਰੀ ਹੈ ..............